ਲੁਧਿਆਣਾ 1 ਮਾਰਚ (ਸਤਿੰਦਰ ਸਿੰਘ )
ਡਾ. ਐਮ.ਐਸ. ਰੰਧਾਵਾ ਯਾਦਗਾਰੀ ਸਲਾਨਾ ਫੁੱਲਾਂ ਦਾ ਸ਼ੋਅ ਅੱਜ ਇੱਥੇ ਜੇਤੂਆਂ ਨੂੰ ਇਨਾਮ ਵੰਡਣ ਨਾਲ ਸਮਾਪਤ ਹੋ ਗਿਆ । ਫੁੱਲਾਂ ਦੇ ਇਸ ਮੇਲੇ ਦੇ ਦੂਜੇ ਦਿਨ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਇਸ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂਆਂ ਨੂੰ ਇਨਾਮ ਵੰਡੇ । ਡਾ. ਮਾਹਲ ਨੇ ਆਏ ਦਰਸ਼ਕਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਫੁੱਲ ਸਾਡੇ ਜੀਵਨ ਵਿੱਚ ਹਰ ਮੌਕੇ ਨਾਲ ਨਿਭਦੇ ਹਨ । ਚਾਹੇ ਉਹ ਉਦਾਸੀ ਦਾ ਹੋਵੇ, ਚਾਹੇ ਉਹ ਖੁਸ਼ੀ ਦਾ । ਇਹ ਘਰਾਂ ਵਿੱਚ ਸੁਹਜ ਵਧਾਉਂਦੇ ਹਨ ਅਤੇ ਕਿਸਾਨ ਇਨ•ਾਂ ਦੀ ਕਾਸ਼ਤ ਕਰ ਵਪਾਰਕ ਖੇਤੀ ਦੇ ਰਾਹ ਵੀ ਪੈ ਸਕਦੇ ਹਨ । ਉਨ•ਾਂ ਵੱਖੋ-ਵੱਖ ਸਕੂਲਾਂ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਤੋਂ ਆਏ ਲੋਕਾਂ ਅਤੇ ਨਰਸਰੀਆਂ ਦੇ ਨੁਮਾਇੰਦਿਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜਿੱਤ ਸਾਨੂੰ ਖੁਸ਼ੀ ਦਿੰਦੀ ਹੈ ਪਰ ਕਿਸੇ ਮੁਕਾਬਲੇ ਵਿੱਚ ਭਾਗ ਲੈਣਾ ਵੀ ਆਪਣੇ-ਆਪ ਵਿੱਚ ਬਹੁਤ ਮਹੱਤਵਪੂਰਨ ਹੈ । ਡਾ. ਮਾਹਲ, ਡਾ. ਤੇਜਵੰਤ ਸਿੰਘ, ਸਾਬਕਾ ਡੀਨ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਅਤੇ ਡਾ. ਜਗਦੀਸ਼ ਕੌਰ ਐਡੀਸ਼ਨਲ ਡਾਇਰੈਕਟਰ ਸੰਚਾਰ ਨੇ ਇਹ ਇਨਾਮ ਜੇਤੂਆਂ ਨੂੰ ਤਕਸੀਮ ਕੀਤੇ । ਇਸ ਤੋਂ ਪਹਿਲਾਂ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਫੋਟੋਗ੍ਰਾਫੀ ਅਤੇ ਪੇਂਟਿੰਗ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ । ਇਸ ਪ੍ਰਦਰਸ਼ਨੀ ਵਿੱਚ ਜਸਪ੍ਰੀਤ ਕੌਰ ਗਿੱਲ, ਡਾ. ਬ੍ਰਿਜ ਮੋਹਨ ਭਾਰਦਵਾਜ ਅਤੇ ਜਤਿੰਦਰ ਸਿੰਘ ਗਰੇਵਾਲ ਦੀਆਂ ਕਲਾਕ੍ਰਿਤਾਂ ਨੂੰ ਸ਼ਾਮਲ ਕੀਤਾ ਗਿਆ ਸੀ ।
ਜ਼ਿਕਰਯੋਗ ਹੈ ਕਿ ਇਨ•ਾਂ ਮੁਕਾਬਲਿਆਂ ਵਿੱਚ 8 ਵੱਖੋ-ਵੱਖਰੇ ਵਰਗਾਂ ਲਈ 1900 ਐਂਟਰੀਆਂ ਪ੍ਰਾਪਤ ਹੋਈਆਂ ਸਨ । ਬੀ.ਸੀ.ਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਸ਼ਤਰੀ ਨਗਰ ਨੇ ਇਨ•ਾਂ ਵਿੱਚ 26 ਇਨਾਮ ਹਾਸਲ ਕੀਤੇ, ਡੀ ਏ ਵੀ ਪਬਲਿਕ ਸਕੂਲ ਬੀ ਆਰ ਐਸ ਨਗਰ, ਗੁਰੂ ਨਾਨਕ ਪਬਲਿਕ ਸਕੂਲ, ਸਤਪਾਲ ਮਿੱਤਲ ਸਕੂਲ, ਡੇਲੀ ਪਬਲਿਕ ਸਕੂਲ, ਡੀ ਏ ਵੀ ਪਬਲਿਕ ਸਕੂਲ ਸਿਵਲ ਲਾਈਨਜ਼, ਜੀ ਐਚ ਜੀ ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਸਿੱਧਵਾਂ ਖੁਰਦ, ਦੋਰਾਹਾ ਪਬਲਿਕ ਸਕੂਲ, ਕੁੰਦਨ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਆਦਿ ਵਿਦਿਅਕ ਸੰਸਥਾਵਾਂ ਨੇ ਇਨ•ਾਂ ਵਿੱਚ ਭਾਗ ਲਿਆ । ਹੋਰ ਸੰਸਥਾਵਾਂ ਵਿੱਚ ਵੇਰਕਾ ਮਿਲਕ ਪਲਾਂਟ, ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ, ਆਈ ਆਰ ਈ ਓ ਵਾਟਰ ਫਰੰਟ, ਟੈਕਨੋ ਕੇਅਰ ਨਰਸਰੀ, ਬਗੀਚਾ ਨਰਸਰੀ ਆਦਿ ਵੀ ਸ਼ਾਮਲ ਰਹੀਆਂ । ਕੁਝ ਹੋਰ ਪ੍ਰਮੁੱਖ ਨਰਸਰੀਆਂ ਜਿਨ•ਾਂ ਵਿੱਚ ਬੰਗਾਲ ਨਰਸਰੀ, ਦਿਨੇਸ਼ ਨਰਸਰੀ, ਨਿਊ ਜੰਤਾ ਇੰਟਰਨੈਸ਼ਨਲ ਮਲੇਰਕੋਟਲਾ, ਹਾਲੈਂਡ ਇੰਟਰਨੈਸ਼ਨਲ ਨਰਸਰੀ, ਰਾਜ ਨਰਸਰੀ, ਕ੍ਰਿਸਮੈਟਿਕ ਗਾਰਡਨ ਪੋਟਰੀਜ਼, ਸੈਮੀ ਗਰੀਨਜ਼, ਫਾਲਕੋਨ ਗਾਰਡਨ ਟੂਲਜ਼, ਹਾਰਾ ਨਰਸਰੀ, ਫਲਾਵਰ ਪੌਟ ਸਟੈਂਡ, ਗਗਨ ਇੰਟਰਪ੍ਰਾਈਜ਼ਜ਼ ਆਦਿ ਨੇ ਸਜਾਵਟੀ ਪੌਦਿਆਂ ਅਤੇ ਲੈਂਡਸਕੇਪ ਨਾਲ ਸੰਬੰਧਤ ਸਾਜ਼ੋ-ਸਮਾਨ ਦੀਆਂ ਸਟਾਲਾਂ ਵੀ ਲਗਾਈਆਂ । ਮੇਲੇ ਦੇ ਦੋਵੇਂ ਦਿਨਾਂ ਦੌਰਾਨ ਹਰ ਉਮਰ ਦੇ ਸ਼ਹਿਰੀ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀ ਅਤੇ ਨਿੱਕੇ ਬੱਚਿਆਂ ਦੀ ਭਰਮਾਰ ਰਹੀ ।
ਵਿਭਾਗ ਦੇ ਮੁਖੀ ਡਾ. ਹਰਪਿੰਦਰ ਸਿੰਘ ਗਰੇਵਾਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਫੁੱਲਾਂ ਦੇ ਇਸ ਮੇਲੇ ਵਿੱਚ ਆਉਣ ਲਈ ਧੰਨਵਾਦ ਵੀ ਕੀਤਾ ।