ਲੁਧਿਆਣਾ, 9 ਮਾਰਚ (ਹਰਦਿਕ ਕੁਮਾਰ)-ਗੁਰੂ ਤੇਗ ਬਹਾਦਰ ਨਰਸਿੰਗ ਕਾਲਜ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਮੁੱਖ ਮਹਿਮਾਨ ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਬਖ਼ਸ਼ੀ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਸ਼ਬਦ ਗਾਇਨ ਉਪਰੰਤ ਰੰਗਾ-ਰੰਗ ਸੱਭਿਆਚਾਰਕ ਸਮਾਗਮ ਨੇ ਸਰੋਤਿਆਂ ਨੂੰ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਕੀਤਾ। ਇਸ ਮੌਕੇ ਕੌਂਸਲਰ ਮਮਤਾ ਆਸ਼ੂ ਨੇ ਨੌਜਵਾਨ ਕੁੜੀਆਂ ਨੂੰ ਆਪਣੇ ਆਪ ਵਿਚਲੀ ਹਰ ਪ੍ਰਕਾਰ ਦੀ ਹੀਣਤਾ ਭਾਵਨਾ ਦੀ ਥਾਂ ਬੜੀ ਦ੍ਰਿੜਤਾ ਨਾਲ ਸੰਘਰਸ਼ੀਲਤਾ ਸਹਿਤ ਮਾਣਮਤੀ ਜ਼ਿੰਦਗੀ ਜੀਣ ਉੱਤੇ ਜ਼ੋਰ ਦਿੱਤਾ। ਇਸ ਮੌਕੇ ਨਿਰਦੇਸ਼ਕ ਡਾ. ਅਮਰਜੀਤ ਸਿੰਘ ਦੂਆ ਵਲੋਂ ਲੜਕੀਆਂ ਨੂੰ ਸਮਾਜ ਨੂੰ ਉਸਾਰੂ ਤੇ ਉਪਯੋਗੀ ਬਣਾਉਣ ਲਈ ਵਿਦਿਅਕ ਨਿਪੁੰਨਤਾ ਅਤੇ ਕਿੱਤਾਮੁਖੀ ਪਰਵੀਨਤਾ ਨਾਲ ਵਿਚਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸ੍ਰੀਮਤੀ ਰੈਨੂੰ ਕੁਮਾਰ, ਡਾ. ਪ੍ਰਵੀਨ ਸੋਬਤੀ ਅਤੇ ਡਾ: ਨਾਰਦ ਵੀ ਹਾਜ਼ਰ ਸਨ।