Home >> Ludhiana >> ਗੁਰੂ ਨਾਨਕ ਦੇ ਜੀਵਨ ਸਾਥੀ ਭਾਈ ਮਰਦਾਨਾ ਜੀ ਦਾ ਜਨਮਦਿਨ ਮਨਾਇਆ ਗਿਆ


ਲੁਧਿਆਣਾ 4 ਮਾਰਚ (ਅਮਨਦੀਪ ਸਿੰਘ )-ਅਰੋੜਾ ਪੈਲੇਸ ਦੀ ਬੈਕ ਸਾਈਡ ਦਾਣਾ ਮੰਡੀ ਦੇ ਸਾਹਮਣੇ ਗੁਰਦੁਆਰਾ ਚੇਤ ਸਿੰਘ ਨਗਰ ਵਿਖੇ ਗੁਰੂ ਨਾਨਕ ਭਾਈ ਮਰਦਾਨਾ ਫਾਊਡੇਸ਼ਨ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਦੇਵ ਸਿੰਘ ਉੱਭੀ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ ਕਾਊਂਕੇ, ਪਰਮਜੀਤ ਸਿੰਘ ਖਜਾਨਚੀ ਤੇ ਸਮੁੱਚੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਾਥੀ ਭਾਈ ਮਰਦਾਨਾ ਜੀ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ ਉਹਨਾਂ ਦਾ ਪਵਿੱਤਰ ਜਨਮ ਦਿਹਾੜਾ ਰਾਗੀ ਭਾਈ ਅਜਮੇਰ ਸਿੰਘ ਖੰਨੇ ਵਾਲਿਆਂ ਦੇ ਕੀਰਤਨ ਨਾਲ ਸ਼ੁਰੂ ਹੋਇਆ ਜਿਹਨਾਂ ਭਾਈ ਮਰਦਾਨਾ ਜੀ ਦੇ ਲਿਖੇ ਹੋਏ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਦਾ ਗਾਇਨ ਕਰਕੇ ਸੰਗਤ ਨੂੰ ਨਿਹਾਲ ਕੀਤਾ । ਕਵੀ ਦਰਬਾਰ ਦੀ ਸਟੇਜ ਦਾ ਸੰਚਾਲਨ ਕਰਦਿਆਂ ਪ੍ਰਚਾਰ ਸਕੱਤਰ ਗੁਰਦੀਪ ਸਿੰਘ ਮਕੱੜ ਨੇ ਗੁਰੂ ਨਾਨਕ ਤੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਕਵਿਤਾ ਸੁਣਾਈ ਜਿਸਦਾ ਸਿਰਲੇਖ ਸੀ “ਗੁਰੂ ਨਾਨਕ ਦੇਵ ਜੀ ਦੇ ਅਨੋਖੇ ਵਰ ਤੇ ਸਰਾਪ”। ਫਿਰ 'ਗੁਰੂ ਨਾਨਕ ਭਾਈ ਮਰਦਾਨਾ ਫਾਊਡੇਸ਼ਨ' ਦੇ ਪ੍ਰਧਾਨ ਭਾਈ ਰਵਿੰਦਰ ਸਿੰਘ ਦੀਵਾਨਾ ਨੇ ਇਕ ਸ਼ੇਅਰ ਤੋਂ ਬਾਅਦ ਭਾਈ ਮਰਦਾਨਾ ਜੀ ਨੂੰ ਮੁਖਾਤਿਬ ਗੀਤ ਸੁਣਾਇਆ ਜਿਸਦਾ ਮੁਖੜਾ ਸੀ “ਜਿਸਨੇ ਛੇੜ ਰਬਾਬ ਨੂੰ ਲਾਇਆ ਝੂੰਮਣ ਕੁੱਲ ਜਮਾਨਾ”। ਡਾ. ਗੁਰਚਰਨ ਕੌਰ ਕੋਚਰ ਨੇ ਗੁਰੂ ਨਾਨਕ ਭਾਈ ਮਰਦਾਨਾ ਜੀ ਦੀ ਸੱਚੀ-ਸੁੱਚੀ ਦੋਸਤੀ ਦੇ ਸਬੰਧ ਵਿੱਚ ਇਕ ਵਿਲੱਖਣ ਕਵਿਤਾ ਸੁਣਾ ਕੇ ਸੰਗਤ ਤੋਂ ਜੈਕਾਰਿਆਂ ਦੀ ਦਾਦ ਲਈ । ਗੁਰਵਿੰਦਰ ਸਿੰਘ ਸ਼ੇਰਗਿੱਲ ਨੇ “ਅਨਹੱਦ ਨਾਦ ਦੀ ਧੁਨੀ ਜਿਹੀ ਗੂੰਜਦੀ ਸੀ ਉਹਦੀ ਰਬਾਬ ਦੀ ਹਰ ਇਕ ਤਾਰ ਵਿਚੋਂ” ਗਾ ਕੇ ਵਾਹ-ਵਾਹ ਖੱਟੀ । ਸੰਗਤ ਦੀ ਪੁਰਜੋਰ ਫੁਰਮਾਇਸ਼ ਤੇ ਭਾਈ ਰਵਿੰਦਰ ਸਿੰਘ ਦੀਵਾਨਾ ਵੱਲੋਂ ਗੀਤ “ਛੇੜ ਮਰਦਾਨਿਆ ਰਬਾਬ ਬਾਣੀ ਆਈ ਐ, ਕਾਇਨਾਤ ਉਤੇ ਇਕ ਮਸਤੀ ਜਿਹੀ ਛਾਈ ਐ” ਗਾ ਕੇ ਸੰਗਤ ਤੋਂ ਜੈਕਾਰਿਆਂ ਦੀ ਭਰਪੂਰ ਦਾਦ ਲਈ । ਇਸ ਸਮੇਂ ਬੋਲਦਿਆਂ ਦੀਵਾਨਾ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਰੀਰਿਕ ਪੱਖੋਂ ਦੋ ਸਨ ਪਰ ਰੂਹ ਇੱਕ ਸੀ । ਉਹਨਾਂ ਅੱਗੇ ਕਿਹਾ ਕਿ ਵਿਦਵਾਨਾਂ ਦਾ ਕਥਨ ਹੈ ਕਿ ਭਾਈ ਮਰਦਾਨਾ ਜੀ ਵਰਗਾ ਭਾਗਾਂ ਵਾਲਾ ਜੀਅ ਸਿੱਖ ਇਤਿਹਾਸ ਵਿੱਚ ਹੋਰ ਕੋਈ ਨਹੀਂ ਹੋਇਆ ਜਿਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ 58 ਸਾਲ ਤੱਕ ਸਾਥ ਨਿਭਾਉਂਦਿਆਂ ਉਹਨਾਂ ਦੀ ਛੋਹ ਦਾ ਆਨੰਦ ਮਾਣਿਆ ਉਹਨਾਂ ਦੀ ਸੰਗਤ ਦਾ ਆਨੰਦ ਮਾਣਿਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ 'ਚੋਂ ਨਿਕਲੀ ਬਾਣੀ ਸੱਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਦੇ ਕੰਨੀ ਪਈ ਤਾਂ ਉਹਨਾਂ ਤੁਰੰਤ ਰਾਗ ਬਧ ਕਰਕੇ ਗਾਈ । ਗੁਰੂ ਨਾਨਕ ਦੇਵ ਜੀ ਵੀ ਭਾਈ ਮਰਦਾਨਾ ਜੀ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਸਨ । 
 
Top