* ਮੁਆਫੀ ਤੋਂ ਸੰਤੁਸ਼ਟ ਸ਼ਿਕਾਇਤਕਰਤਾ ਵਕੀਲ ਨੇ ਕੇਸ ਵਾਪਸ ਲੈਣ ਦਾ ਕੀਤਾ ਐਲਾਨ
ਲੁਧਿਆਣਾ, 27 ਅਪ੍ਰੈਲ ( ਹਾਰਦਿਕ ਕੁਮਾਰ )-ਵਾਲਮੀਕ ਭਾਈਚਾਰੇ ਖਿਲਾਫ ਇਤਰਾਯੋਗ ਟਿੱਪਣੀਆਂ ਕਰਨ ਦੇ ਇਕ ਮਾਮਲੇ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਅੱਜ ਮੁਆਫੀ ਮੰਗ ਲਈ ਹੈ ਜਿਸ ਤੇ ਸ਼ਿਕਾਇਤਕਰਤਾ ਦੇ ਵਕੀਲ ਨੇ ਰਾਖੀ ਖਿਲਾਫ ਅਦਾਲਤ ਵਿਚ ਦਾਇਰ ਕੀਤੇ ਕੇਸ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਵਾਲਮੀਕ ਭਾਈਚਾਰੇ ਖਿਲਾਫ ਇਕ ਟੀ.ਵੀ. ਇੰਟਰਵਿਊ ਦੌਰਾਨ ਰਾਖੀ ਸਾਵੰਤ ਵੱਲੋਂ ਇਤਰਾਜਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ।
ਜਿਸ ਤੇ ਜ਼ਿਲਾ ਅਦਾਲਤਾਂ ਵਿਚ ਪ੍ਰੈਕਟਿਸ ਕਰਦੇ
ਐਡਵੋਕੇਟ ਸ੍ਰੀ ਨਰਿੰਦਰ ਆਦੀਆ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਮਾਮਲੇ ਨੂੰ ਲੈ ਕੇ
ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਸੀ। ਅਦਾਲਤ ਵੱਲੋਂ ਕਈ ਵਾਰ ਰਾਖੀ ਸਾਵੰਤ ਨੂੰ ਸੰਮਨ
ਭੇਜੇ ਗਏ ਸਨ ਪਰ ਵਾਰ-ਵਾਰ ਸੰਮਨ ਭੇਜਣ ਤੇ ਜਦੋਂ ਰਾਖੀ ਸਾਵੰਤ ਅਦਾਲਤ ਵਿਚ ਪੇਸ਼ ਨਾ ਹੋਈ ਤਾਂ
ਅਦਾਲਤ ਵੱਲੋਂ ਪਹਿਲਾਂ ਉਸਦੇ ਜਮਾਨਤੀ ਅਤੇ ਫਿਰ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਸਨ। ਲੁਧਿਆਣਾ ਪੁਲਿਸ ਦੀ ਇਕ ਵਿਸ਼ੇਸ਼ ਟੀਮ ਰਾਖੀ ਸਾਵੰਤ
ਨੂੰ ਗ੍ਰਿਫਤਾਰ ਕਰਨ ਲਈ ਮੁਬੰਈ ਵੀ ਗਈ ਸੀ ਪਰ ਰਾਖੀ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ। ਬਾਅਦ ਵਿਚ ਰਾਖੀ ਅਦਾਲਤ ਵਿਚ ਪੇਸ਼ ਹੋ ਗਈ ਅਤੇ
ਅਦਾਲਤ ਵੱਲੋਂ ਉਸਦੀ ਜਮਾਨਤ ਦੀ ਅਰਜੀ ਮਨਜੂਰ ਕਰ ਲਈ। ਇਹ ਮਾਮਲਾ ਅਜੇ ਅਦਾਲਤ ਵਿਚ ਵਿਚਾਰ ਅਧੀਨ ਸੀ। ਰਾਖੀ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਚ ਆਪਣੇ
ਵਕੀਲ ਅਤੇ ਨਿਜੀ ਸਕੱਤਰਾਂ ਨਾਲ ਪਹੁੰਚੀ। ਇਸ ਸਮੇਂ ਸ਼ਿਕਾਇਤਕਰਤਾ ਨਰਿੰਦਰ ਆਦੀਆ ਵੀ ਮੌਜੂਦ
ਸਨ। ਰਾਖੀ ਸਾਵੰਤ
ਅਤੇ ਨਰਿੰਦਰ ਆਦੀਆ ਵੱਲੋਂ ਵਕੀਲਾਂ ਦੀ ਹਾਜ਼ਰੀ ਵਿਚ ਸਮਝੌਤੇ ਤੇ ਦਸਤਖਤ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਖੀ
ਸਾਵੰਤ ਨੇ ਕਿਹਾ ਕਿ ਇਹ ਸਭ ਕੁਝ ਗਲਤ ਫਹਿਮੀ ਕਾਰਨ ਹੋ ਗਿਆ ਹੈ ਜਿਸ ਦਾ ਉਸਨੂੰ ਅਫਸੋਸ ਹੈ। ਉਸਨੇ ਦੱਸਿਆ ਕਿ ਉਹ ਇਸ ਲਈ ਪਹਿਲਾਂ ਹੀ ਮੁਆਫੀ
ਮੰਗ ਚੁੱਕੀ ਹੈ ਅਤੇ ਹੁਣ ਫਿਰ ਮੁਆਫੀ ਮੰਗਦੀ ਹੈ। ਉਸਨੇ ਦੱਸਿਆ ਕਿ ਉਹ ਦਲਿਤ ਭਾਈਚਾਰੇ ਦਾ ਪੂਰਾ
ਸਨਮਾਨ ਕਰਦੀ ਹੈ। ਇਸ ਮੌਕੇ
ਰਾਖੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਬੀ.ਆਰ.ਅੰਬੇਦਕਰ ਦੀ ਫੋਟੇ ਤੇ ਨਤਮਸਤਕ ਵੀ ਹੋਈ। ਦੂਜੇ ਪਾਸੇ ਸ਼ਿਕਾਇਤਕਰਤਾ ਐਡਵੋਕੇਟ ਸ੍ਰੀ ਨਰਿੰਦਰ
ਆਦੀਆ ਨੇ ਦੱਸਿਆ ਕਿ ਉਹ ਰਾਖੀ ਵੱਲੋਂ ਮੰਗੀ ਗਈ ਮੁਆਫੀ ਤੋਂ ਸੰਤੁਸ਼ਟ ਹਨ ਅਤੇ ਅਗਲੀ ਪੇਸ਼ੀ ਤੇ ਉਹ
ਕੇਸ ਵਾਪਸ ਲੈ ਲੈਣਗੇ।