ਲੁਧਿਆਣਾ, 22 ਮਈ ( ਅਮਨਦੀਪ ਸਿੰਘ )-ਲੋਕਾਂ ਨੂੰ ਪਲਾਸਟਿਕ (ਪੋਲੀਥੀਨ) ਲਿਫ਼ਾਫਿਆਂ ਦੀ
ਵਰਤੋਂ ਨਾ ਕਰਕੇ ਵਾਤਾਵਰਣ ਪੱਖੀ ਵਨਸਪਤੀ ਲਿਫ਼ਾਫਿਆਂ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ
ਕੀਤੀ ਮੁਹਿੰਮ ਤਹਿਤ ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ 'ਵਨਸਪਤੀ ਬੈਗ' ਸਥਾਨਕ ਸਰਕਟ ਹਾਊਸ ਵਿਖੇ ਲਾਂਚ ਕੀਤੇ ਗਏ। ਲਾਂਚ ਕਰਨ ਦੀ ਰਸਮ ਲੋਕ ਸਭਾ ਮੈਂਬਰ ਸ੍ਰ. ਰਵਨੀਤ
ਸਿੰਘ ਬਿੱਟੂ ਨੇ ਨਿਭਾਈ। ਇਸ ਮੌਕੇ
ਪਲਾਸਟਿਕ ਬੈਗ ਤਿਆਰ ਕਰਨ ਵਾਲੇ ਸੈਂਕੜੇ ਮੈਨੂੰਫੈਕਚਰਰ ਅਤੇ ਵਪਾਰੀ ਹਾਜ਼ਰ ਸਨ।
ਇਸ ਮੌਕੇ ਮੈਨੂੰਫੈਕਚਰਰਜ਼ ਅਤੇ ਵਪਾਰੀਆਂ ਨਾਲ ਮੀਟਿੰਗ ਕਰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ ਸ੍ਰੀ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਨਵੇਂ ਵਨਸਪਤੀ ਬੈਗ ਵਾਤਾਵਰਣ ਅਨੁਕੂਲ ਹਨ, ਜੋ ਕਿ ਮੌਜੂਦਾ ਪੋਲੀਥੀਨ ਲਿਫ਼ਾਫਿਆਂ ਦੇ ਵਾਤਾਵਰਣ 'ਤੇ ਪੈ ਰਹੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਬਾਜ਼ਾਰ ਵਿੱਚ ਲਿਆਂਦੇ ਗਏ ਹਨ। ਉਨਾਂ ਕਿਹਾ ਕਿ ਇਹ ਵਨਸਪਤੀ ਬੈਗ ਪੂਰੀ ਤਰਾਂ ਵਾਤਾਵਰਣ ਪੱਖੀ ਅਤੇ ਕੁਆਲਟੀ ਪੱਖੋਂ ਪੁਖ਼ਤਾ ਹਨ ਅਤੇ ਇਹਨਾਂ ਦੀ ਵਰਤੋਂ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਸਫ਼ਲ ਕੋਸ਼ਿਸ਼ ਸਾਬਿਤ ਹੋਵੇਗੀ।
ਉਨਾਂ ਦੱਸਿਆ ਕਿ ਮੌਜੂਦਾ ਸਮੇਂ ਦੇਸ਼ ਵਿੱਚ ਸਿਰਫ਼ 5 ਕੰਪਨੀਆਂ ਇਹ ਵਨਸਪਤੀ ਬੈਗ ਤਿਆਰ ਕਰ ਰਹੀਆਂ ਹਨ। ਇਹ ਬੈਗ ਮੱਕੀ, ਆਲੂ ਅਤੇ ਗੰਨੇ ਦੇ ਬਾਕੀ ਬਚੇ ਛਿੱਲੜਾਂ ਤੋਂ ਤਿਆਰ ਹੁੰਦੇ ਹਨ, ਜਿਨਾਂ ਦਾ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਲੋਕਾਂ ਦੀ ਇਨਾਂ ਲਿਫ਼ਾਫ਼ਿਆਂ ਪ੍ਰਤੀ ਜਾਗਰੂਕਤਾ ਦਿਨੋਂ ਦਿਨ ਵਧ ਰਹੀ ਹੈ ਅਤੇ ਮਹਿਜ਼ ਕੁਝ ਦਿਨਾਂ ਵਿੱਚ ਹੀ ਇਨਾਂ ਲਿਫ਼ਾਫਿਆਂ ਦੀ ਵਰਤੋਂ 10-12 ਫੀਸਦੀ ਤੱਕ ਪਹੁੰਚ ਚੁੱਕੀ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੋਲੀਥੀਨ ਦੇ ਲਿਫ਼ਾਫਿਆਂ ਦੀ ਵਰਤੋਂ ਬੰਦ ਕਰਕੇ ਵਨਸਪਤੀ ਬੈਗਾਂ ਦੀ ਵਰਤੋਂ ਕਰਨੀ ਸਮੇਂ ਦੀ ਲੋੜ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਇਸ ਦਿਸ਼ਾ ਵਿੱਚ ਜਾਗਰੂਕ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਪੋਲੀਥੀਨ ਲਿਫ਼ਾਫਿਆਂ ਦੀ ਮੈਨੂੰਫੈਕਚਰਿੰਗ, ਖਰੀਦ, ਵੇਚ ਅਤੇ ਵਰਤੋਂ 'ਤੇ ਮੁਕੰਮਲ ਰੋਕ ਲਗਾਈ ਹੋਈ ਹੈ। ਉਨਾਂ ਲਿਫ਼ਾਫਾ ਮੈਨੂੰਫੈਕਚਰਰਜ਼ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੁਰਾਣੇ ਪੋਲੀਥੀਨ ਲਿਫ਼ਾਫਿਆਂ ਨੂੰ ਤਿਆਰ ਕਰਨਾ ਬੰਦ ਕਰਕੇ ਨਵੇਂ ਵਨਸਪਤੀ ਲਿਫ਼ਾਫੇ ਤਿਆਰ ਕਰਨੇ ਸ਼ੁਰੂ ਕਰਨ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰ. ਜਸਕਿਰਨ ਸਿੰਘ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪੋਲੀਥੀਨ ਲਿਫ਼ਾਫਿਆਂ ਦਾ ਕਾਰੋਬਾਰ ਕਰਨ ਵਾਲੇ ਮੈਨੂੰਫੈਕਚਰਜ਼ ਨੂੰ ਲਗਾਤਾਰ ਚਾਲਾਨ ਜਾਰੀ ਕੀਤੇ ਜਾ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਵਨਸਪਤੀ ਬੈਗਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਕਰਨਗੇ। ਇਸ ਸੰਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ।