ਲੁਧਿਆਣਾ, 16 ਮਈ (ਹਾਰਦਿਕ ਕੁਮਾਰ)-ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਸੂਬੇ ਵਿੱਚ ਉਦਯੋਗਾਂ ਲਈ ਦਿਨੋਂ ਦਿਨ ਮਜ਼ਬੂਤ ਹੁੰਦੇ ਜਾ ਰਹੇ ਬੁਨਿਆਦੀ ਢਾਂਚੇ ਅਤੇ ਵਧ ਰਹੀਆਂ ਸੰਭਾਵਨਾਵਾਂ ਦੇ ਚੱਲਦਿਆਂ ਪੰਜਾਬ ਨੂੰ 'ਫੂਡ ਪ੍ਰੋਸੈਸਿੰਗ ਹੱਬ' ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਦਿਸ਼ਾ ਵਿੱਚ ਉਦਯੋਗਾਂ ਲਈ ਜਿੱਥੇ ਸਾਜਗਾਰ ਮਾਹੌਲ ਦੀ ਸਿਰਜਣਾ ਕੀਤੀ ਜਾ ਰਹੀ ਹੈ, ਉਥੇ ਹੀ ਰਾਜ ਦੇ ਐਗਰੋ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਖੇਤਰ ਨੂੰ ਅਹਿਮ ਸੈਕਟਰ ਵਜੋਂ ਵਿਕਸਤ ਕਰਨ ਲਈ ਕਈ ਵਿੱਤੀ ਅਤੇ ਗੈਰ ਵਿੱਤੀ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।
ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੰਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ (ਸੀ. ਆਈ. ਆਈ.) ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਭਾਈਵਾਲੀ ਨਾਲ ਆਯੋਜਿਤ ਕੀਤੇ ਗਏ ਪਹਿਲੇ 'ਪੰਜਾਬ ਐਗਰੀ ਐਂਡ ਫੂਡ ਕੰਕਲੇਵ' ਨੂੰ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਚੁਸਤ ਦਰੁਸਤ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਦੇਸ਼ ਦੀ 'ਭੋਜਨ ਟੋਕਰੀ' ਵਜੋਂ ਜਾਣਿਆ ਜਾਂਦਾ ਹੈ, ਜਦਕਿ ਪੰਜਾਬ ਸਰਕਾਰ ਇੱਕ ਕਦਮ ਹੋਰ ਅੱਗੇ ਵਧਦਿਆਂ ਇਸ ਨੂੰ ਹੁਣ 'ਫੂਡ ਪ੍ਰੋਸੈਸਿੰਗ ਹੱਬ' ਵਜੋਂ ਵਿਕਸਤ ਕਰਨ ਲਈ ਯਤਨਸ਼ੀਲ ਹੈ।
ਉਨਾਂ ਕਿਹਾ ਕਿ ਇੱਕ ਪਾਸੇ ਜਿੱਥੇ ਸੂਬੇ ਵਿੱਚ ਤਿੰਨ ਮੈਗਾ ਫੂਡ ਪਾਰਕਾਂ (ਲਾਡੋਵਾਲ ਫੂਡ ਪਾਰਕ ਲੁਧਿਆਣਾ, ਸੁਖਜੀਤ ਮੈਗਾ ਫੂਡ ਪਾਰਕ ਫਗਵਾੜਾ ਅਤੇ ਇੰਟਰਨੈਸ਼ਨਲ ਮੈਗਾ ਫੂਡ ਪਾਰਕ ਫਾਜ਼ਿਲਕਾ) ਸਥਾਪਤ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਅੰਮ੍ਰਿਤਸਰ-ਕੋਲਕਾਤਾ ਇੰਡਸਟਰੀਅਲ ਕੋਰੀਡੋਰ ਤਹਿਤ ਸੂਬੇ ਵਿੱਚ ਦੋ ਮੈਨੂੰਫੈਕਚਰਿੰਗ ਕਲੱਸਟਰ ਸਥਾਪਤ ਕੀਤੇ ਜਾਣਗੇ। ਜਿਨਾਂ ਵਿੱਚ ਲੁਧਿਆਣਾ ਵਿਖੇ 'ਉੱਚ ਤਕਨੀਕ ਮੈਨੂੰਫੈਕਚਰਿੰਗ ਕਲੱਸਟਰ' ਅਤੇ ਰਾਜਪੁਰਾ (ਪਟਿਆਲਾ) ਵਿਖੇ 'ਇੰਟੈਗਰੇਟਿਡ ਮੈਨੂੰਫੈਕਚਰਿੰਗ ਕਲੱਸਟਰ' ਸਥਾਪਤ ਕਰਨਾ ਸ਼ਾਮਿਲ ਹੈ। ਸੂਬੇ ਵਿੱਚ ਫੂਡ ਪ੍ਰੋਸੈਸਿੰਗ ਸੈਕਟਰ ਦੇ ਵਿਕਾਸ ਲਈ ਸਰਕਾਰ ਵੱਲੋਂ ਬਹੁਤ ਅੱਛਾ 'ਈਕੋਸਿਸਟਮ' ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਹੈ। ਇਥੇ ਉਦਯੋਗਾਂ ਲਈ ਸਸਤੀ ਦਰ 'ਤੇ ਲੋੜ ਮੁਤਾਬਿਕ ਪੂਰੀ ਬਿਜਲੀ ਸਪਲਾਈ ਕੀਤੀ ਜਾਂਦੀ ਹੈ।
ਸ੍ਰੀ ਅਰੋੜਾ ਨੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ ਕਿਉਂਕਿ ਵਿਸ਼ਵ ਬੈਂਕ ਨੇ ਪੰਜਾਬ ਨੂੰ ਨਵਾਂ ਉੱਦਮ ਸੌਖੇ ਤਰੀਕੇ ਨਾਲ ਸਥਾਪਤ ਕਰਨ ਲਈ ਦੇਸ਼ ਦਾ ਸਭ ਤੋਂ ਵਧੀਆ ਸੂਬਾ ਘੋਸ਼ਿਤ ਕੀਤਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਰੇਟਿੰਗ ਏਜੰਸੀਆਂ ਨੇ ਵੀ ਪੰਜਾਬ ਦੇ ਵਿਕਾਸ ਮਾਡਲ ਨੂੰ ਮਾਨਤਾ ਦਿੱਤੀ ਹੈ। ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਵਿਦੇਸ਼ ਦੇ 150 ਨਿਵੇਸ਼ਕਾਂ ਨੇ ਇਕੱਲੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ 7 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦਾ ਨਿਵੇਸ਼ ਕੀਤਾ ਹੈ, ਜਿਨਾਂ ਵਿੱਚ ਵਿਸ਼ਵ ਪੱਧਰੀ ਕੰਪਨੀਆਂ ਆਈ. ਟੀ. ਸੀ., ਪੈਪਸੀ, ਮਹਿੰਦਰਾ, ਗੋਦਰੇਜ, ਕਾਰਗਿਲ, ਨੈਰੋਲੈਕ ਅਤੇ ਰਿਲਾਂਇਸ ਆਦਿ ਸ਼ਾਮਿਲ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਨਅਤੀ ਅਤੇ ਵਪਾਰਕ ਨੀਤੀ-2017 ਵਿੱਚ ਰਾਜ ਦੇ ਐਗਰੋ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਖੇਤਰ ਨੂੰ ਅਹਿਮ ਸੈਕਟਰ ਵਜੋਂ ਵਿਕਸਤ ਕਰਨ ਲਈ ਕਈ ਵਿੱਤੀ ਅਤੇ ਗੈਰ ਵਿੱਤੀ ਰਿਆਇਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ।
ਸੰਮੇਲਨ ਦੌਰਾਨ ਨਿਵੇਸ਼ਕ ਵੱਲੋਂ ਉਠਾਏ ਗਏ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਅਰੋੜਾ ਨੇ ਸਪੱਸ਼ਟ ਕੀਤਾ ਕਿ ਜੋ ਵੀ ਨੌਜਵਾਨ ਜਾਂ ਉੱਦਮੀ ਸੂਬੇ ਵਿੱਚ ਨਵਾਂ ਉੱਦਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਬੈਂਕਾਂ ਵੱਲੋਂ ਬਿਨਾ ਕਿਸੇ ਖੱਜਲ ਖੁਆਰੀ ਦੇ 5 ਲੱਖ ਰੁਪਏ ਤੋਂ 25 ਲੱਖ ਰੁਪਏ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜੇਕਰ ਕੋਈ ਬੈਂਕ ਕਰਜ਼ਾ ਦੇਣ ਤੋਂ ਆਨਾਕਾਨੀ ਕਰਦਾ ਹੈ ਜਾਂ ਖੱਜਲ ਖੁਆਰ ਕਰਦਾ ਹੈ ਤਾਂ ਇਸ ਸੰਬੰਧੀ ਬੈਂਕ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਬਣਦੀ ਕਾਰਵਾਈ ਆਰੰਭੀ ਜਾਵੇਗੀ। ਉਨਾਂ ਕਿਹਾ ਕਿ ਇਸ ਲਈ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਬਕਾਇਦਾ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਸਥਾਪਤ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਕਿ ਉਹ ਵਪਾਰਕ ਸਮਾਜਿਕ ਜਿੰਮੇਵਾਰੀ (ਸੀ. ਐੱਸ. ਆਰ.) ਗਤੀਵਿਧੀ ਤਹਿਤ ਲੋਕਾਂ ਦਾ ਸਮਾਜਿਕ ਅਤੇ ਆਰਥਿਕ ਉਥਾਨ ਕਰਨ ਲਈ ਅੱਗੇ ਆਉਣ।
ਇਸ ਤੋਂ ਪਹਿਲਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਕੁਮਾਰ ਵਰਮਾ ਅਤੇ ਨਿਰਦੇਸ਼ਕ ਸ੍ਰ. ਡੀ. ਪੀ. ਐੱਸ. ਖਰਬੰਦਾ ਨੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਪੰਜਾਬ ਉਦਯੋਗ ਅਤੇ ਵਪਾਰਕ ਨੀਤੀ-2017 ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਇਆ। ਇਸ ਮੌਕੇ 25 ਨਿਵੇਸ਼ਕਾਂ ਵੱਲੋਂ ਪੰਜਾਬ ਸਰਕਾਰ ਨਾਲ ਸੂਬੇ ਵਿੱਚ 70 ਕਰੋੜ ਰੁਪਏ ਦੇ ਨਿਵੇਸ਼ ਦੇ ਸਮਝੌਤੇ ਸਹੀਬੱਧ ਕੀਤੇ ਗਏ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਇੱਕ ਸਮਝੌਤਾ ਕੀਤਾ ਗਿਆ, ਜਿਸ ਤਹਿਤ ਯੂਨੀਵਰਸਿਟੀ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ ਫੂਡ ਪ੍ਰੋਸੈਸਿੰਗ ਯੂਨਿਟ (ਪ੍ਰਫੁੱਲਿਤ ਕੇਂਦਰ) ਰਾਹੀਂ ਤਕਨੀਕ ਦਾ ਵਿਕਾਸ ਕੀਤਾ ਜਾਵੇਗਾ। ਯੂਨੀਵਰਸਿਟੀ ਨੇ ਤਕਨੀਕੀ ਵਿਕਾਸ ਨੂੰ ਮੂਹਰੇ ਰੱਖਦਿਆਂ ਫੂਡ ਇੰਡਸਟਰੀਜ਼ ਲਈ 50 ਫੀਸਦੀ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ।
ਸੰਮੇਲਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਅਤੇ ਫੂਡ ਖੇਤਰ ਨਾਲ ਸੰਬੰਧਤ ਸਨਅਤੀ ਸਖ਼ਸ਼ੀਅਤਾਂ ਸ੍ਰੀ ਭਵਦੀਪ ਸਰਦਾਨਾ (ਦੀ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਿਟਡ), ਸ੍ਰੀ ਸੰਜੇ ਸਿੰਘਲ (ਆਈ. ਟੀ. ਸੀ. ਲਿਮਿਟਡ), ਸ੍ਰੀ ਅਕਸ਼ੇ ਬੈਕਟਰ (ਕਰੈਮਿਕਾ ਫੂਡ ਇੰਡਸਟਰੀਜ਼ ਲਿਮਿਟਡ), ਸ੍ਰੀ ਰਿੰਕੇਸ਼ ਸਤੀਜਾ (ਪੈਪਸੀਕੋ ਕੰਪਨੀ), ਸ੍ਰੀ ਸੰਦੀਪ ਕਪੂਰ (ਸਕੂਲ ਆਫ਼ ਬਿਜਨਸ ਸਟੱਡੀਜ਼) ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਬੰਧਤ ਵੱਖ-ਵੱਖ ਵਿਭਾਗਾਂ, ਕਈ ਸਰਕਾਰੀ ਏਜੰਸੀਆਂ ਅਤੇ ਨਿੱਜੀ ਕੰਪਨੀਆਂ ਵੱਲੋਂ ਆਪਣੇ ਫੂਡ ਸਟਾਲ ਵੀ ਲਗਾਏ ਗਏ। ਸੰਮੇਲਨ ਵਿੱਚ ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਅਤੇ ਸਕੱਤਰ ਖੇਤੀਬਾੜੀ ਵਿਭਾਗ ਸ੍ਰੀ ਵਿਕਾਸ ਗਰਗ ਤੋਂ ਇਲਾਵਾ ਫੂਡ ਖੇਤਰ ਨਾਲ ਜੁੜੀਆਂ ਕਈ ਕੰਪਨੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ, ਜਿਨਾਂ ਵਿੱਚ ਨਬੀ, ਨਿਫਟੈੱਮ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਮਾਰਕਫੈੱਡ ਅਤੇ ਮਿਲਕਫੈੱਡ ਪ੍ਰਮੁੱਖ ਸਨ।